ਪੰਡਤ ਮਾਨ ਸਿੰਘ ਕਾਲੀਦਾਸ (੧੩ ਅਕਤੂਬਰ ੧੮੬੫-੧੯੪੪) ਪੰਜਾਬੀ ਦੇ ਪ੍ਰਮੁੱਖ ਕਿੱਸਾਕਾਰ ਹਨ, ਪਰ ਉਨ੍ਹਾਂ ਨੂੰ ਬਹੁਤਾ ਕਾਲੀਦਾਸ ਗੁਜਰਾਂਵਾਲੀਆ ਦੇ ਨਾਂ ਨਾਲ ਹੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦਾ ਜਨਮ ਪੰਡਿਤ ਜੈ ਦਿਆਲ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਪੰਡਿਤ ਜੈ ਦਿਆਲ ਮਾਹਾਰਾਜਾ ਸ਼ੇਰ ਸਿੰਘ ਦੇ ਦਰਬਾਰੀ ਅਹਿਲਕਾਰ ਤੇ ਪੁਰੋਹਿਤ ਸਨ।ਆਪ ਨੇ ਸੰਤ ਹਰੀ ਸਿੰਘ ਜੀ ਗੁਜਰਾਂਵਾਲੀਆ ਦੇ ਪ੍ਰ੍ਰਭਾਵ ਥੱਲੇ ਆਕੇ ਸਿੱਖ ਧਰਮ ਗ੍ਰਹਿਣ ਕੀਤਾ। ਉਹ ਆਪਣੀ ਰਚਨਾ ਵਿੱਚ ਆਪਣਾ ਨਾਂ ਕਾਲੀ ਦਾਸ ਹੀ ਲਿਖਦੇ ਹਨ ਤੇ ਇਸੇ ਨਾਂ ਨਾਲ ਹੀ ਪ੍ਰਸਿੱਧ ਹੋਏ ।ਕਾਲੀ ਦਾਸ ਨੇ ਮੁਢਲੀ ਵਿਦਿਆ ਆਪਣੇ ਪਿਤਾ ਜੀ ਤੋ ਪ੍ਰਾਪਤ ਕੀਤੀ ਫ਼ਿਰ ਮਹੱਲੇ ਦੀ ਮਸੀਤ ਦੇ ਮੌਲਵੀ ਸਾਹਿਬ ਤੋ ਊਰਦੂ ਫਾਰਸੀ ਪੜ੍ਹੀ। ਉਸ ਨੂੰ ਪੰਜਾਬੀ ਭਾਸ਼ਾ ਤੇ ਹਿੰਦੂ ਸ਼ਾਸ਼ਤਰਾਂ ਦਾ ਬਹੁਤ ਗੂੜ੍ਹਾ ਗਿਆਨ ਸੀ। ਉਨ੍ਹਾਂ ਨੇ ਪੰਜਾਬ ਦੇ ਪ੍ਰਸਿੱਧ ਨਾਇਕਾਂ ਹਕੀਕਤ ਰਾਏ,ਪੂਰਨ ਭਗਤ,ਰੂਪ ਬਸੰਤ, ਰਾਜਾ ਰਸਾਲੂ,ਪ੍ਰਹਿਲਾਦ ਭਗਤ ਆਦਿ ਦੇ ਕਿੱਸੇ ਲਿਖੇ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ: ਪੂਰਨ ਭਗਤ, ਗੋਪੀ ਚੰਦ ਤੇ ਰਾਜਾ ਭਰਥਰੀ , ਰੂਪ ਬਸੰਤ, ਦੁਰਗਾ ਉਸਤਤੀ, ਹਕੀਕਤ ਰਾਏ ਧਰਮੀ, ਚਰਖਾ ਨਾਮਾ, ਰਾਜਾ ਮਰਯਾਲ, ਭੌਰਾ ਕਲੀ, ਪ੍ਰਹਿਲਾਦ ਭਗਤ, ਰਾਜਾ ਹਰੀਸ਼ ਚੰਦ, ਰਾਮਾਇਣ, ਗੁਰੁ ਕੀਆਂ ਸਤਿ ਸਾਖੀਆਂ, ਰਾਜਾ ਰਸਾਲੂ, ਸ੍ਰੀ ਗੁਰੁ ਮਹਿਮਾ ਤੇ ਸਲੋਕ ਅਤੇ ਜੀਵਨ ਮੁਕਤੀ ।